ਤੂੜੀ ਬਣਾਉਣ ਉਪਰੰਤ ਦਰਖੱਤਾਂ ਨੇੜਿਓਂ ਵਾਹਣ ਨੂੰ ਵਾਹ ਦੇਣ ਕਿਸਾਨ : ਚੇਅਰਮੈਨ ਕੁਠਾਲਾ
ਦਰਖਤਾਂ ਤੇ ਰਹਿ ਰਹੇ ਪੰਛੀਆਂ 'ਤੇ ਰਹਿਮ ਕਰਨ ਲਈ ਮਾਰਕੀਟ ਕਮੇਟੀ ਦੇ ਚੇਅਰਮੈਨ ਕਰਮਜੀਤ ਸਿੰਘ ਕੁਠਾਲਾ ਨੇ ਕਿਸਾਨਾਂ ਨੂੰ ਕੀਤੀ ਅਪੀਲ
ਇਸਮਾਈਲ ਏਸ਼ੀਆ
ਮਾਲੇਰਕੋਟਲਾ 27 ਅਪ੍ਰੈਲ 2024 :ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਸਰਕਲ ਸੰਦੌੜ ਤੋਂ ਸਿਆਸਤ ਦੇ ਨਾਲ ਨਾਲ ਸਮਾਜ ਸੇਵਾ 'ਚ ਅਹਿਮ ਯੋਗਦਾਨ ਪਾਉਣ ਵਾਲੇ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕਰਮਜੀਤ ਸਿੰਘ ਮਾਨ ਕੁਠਾਲਾ ਨੇ ਕਣਕ ਦੇ ਸੀਜਣ ਦੌਰਾਨ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਭਰਾ ਆਪਣੀ ਕਣਕ ਦੀ ਵਾਢੀ ਕਰਨ ਉਪਰੰਤ ਤੂੜੀ ਬਣਾਉਣ ਤੋਂ ਬਾਅਦ ਦਰਖ਼ਤਾਂ ਨੇੜਿਓ ਵਾਹਣ ਵਾਹ ਦੇਣ ਤਾਂ ਜੋ ਅੱਗ ਲੱਗਣ ਕਾਰਨ ਦਰੱਖਤਾਂ 'ਤੇ ਰਹਿ ਰਹੇ ਜਾਂ ਬੈਠੇ ਪੰਛੀਆਂ ਨੂੰ ਉਸ ਦਾ ਸੇਕ ਨਾ ਲੱਗੇ।
ਉਨ੍ਹਾਂ ਕਿਹਾ ਕਿ ਕਣਕ ਦੇ ਨਾੜ ਦੀ ਰਹਿੰਦ ਖੁਹਦ ਨੂੰ ਲਾਈ ਅੱਗ ਜਿੱਥੇ ਮਨੁੱਖੀ ਜਾਨਾਂ ਲਈ ਘਾਤਕ ਹੁੰਦੀ ਹੈ ਉੱਥੇ ਹੀ ਦਰਖ਼ਤਾਂ 'ਤੇ ਮੌਜੂਦ ਜਾਨਵਰਾਂ ਲਈ ਵੀ ਬਹੁਤ ਜਾਨਲੇਵਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਕਿਸਾਨ ਹੋਣ ਦੇ ਨਾਤੇ ਮੈਂ ਸਮਝ ਸਕਦਾ ਹਾਂ ਕਿ ਕਿਸਾਨ ਨੂੰ ਰਹਿੰਦ ਖੁਹਦ ਨੂੰ ਅੱਗ ਲਗਾਉਣ ਦਾ ਸ਼ੌਕ ਨਹੀਂ ਮਜ਼ਬੂਰੀ ਹੈ ਕਿਉਂਕਿ ਉਕਤ ਰਹਿੰਦ ਖੁਹਦ ਨੂੰ ਨਸ਼ਟ ਕਰਨ ਲਈ ਬਹੁਤ ਮਹਿੰਗੇ ਭਾਅ ਦੇ ਸੰਦਾਂ ਦੀ ਜ਼ਰੂਰਤ ਪੈਂਦੀ ਹੈ, ਜੋ ਕਿ ਇੱਕ ਮੱਧਵਰਗੀ ਕਿਸਾਨ ਵੱਲੋਂ ਲੈਣਾ ਬਹੁਤ ਮੁਸ਼ਕਿਲ ਹੈ ਤਾਹਿਓਂ ਮਜ਼ਬੂਰੀ ਵੱਸ ਕਿਸਾਨ ਨੂੰ ਅੱਗ ਲਗਾਉਣੀ ਪੈਂਦੀ ਹੈ, ਜੇਕਰ ਮਜ਼ਬੂਰੀ ਵੱਸ ਅੱਗ ਲਗਾਉਣੀ ਵੀ ਪੈਂਦੀ ਹੈ ਤਾਂ ਦਰਖ਼ਤਾਂ ਦੇ ਨੇੜਿਓਂ ਵਾਹਣ ਵਾਹ ਦੇਣ ਤਾਂ ਜੋ ਅੱਗ ਦਾ ਸੇਕ ਦਰਖ਼ਤਾਂ ਤੱਕ ਨਾ ਪੁੱਜੇ ਤੇ ਦਰੱਖਤਾਂ 'ਤੇ ਬੈਠੇ ਪੰਛੀਆ ਨੂੰ ਇਸ ਕਾਰਨ ਕੋਈ ਨੁਕਸਾਨ ਨਾ ਪੁੱਜੇ।